ਵਿਧਾਇਕ ਰੰਧਾਵਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿਚ ਹੋਏ ਨਤਮਸਤਕ
ਲਾਲੜੂ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਸਰਦਾਰਪੁਰਾ ਤੋਂ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ਮੂਲੀਅਤ ਕੀਤੀ ਅਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਮਨੋਹਰ ਕੀਰਤਨ ਰਾਹੀਂ ਪੂਰਾ ਮਾਹੌਲ ਹੀ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ। ਸੰਗਤ ਨੇ ਪਾਲਕੀ ਸਾਹਿਬ ਦੇ ਪਿੱਛੇ ਚੱਲ ਕੇ ਗੁਰੂ ਜਸ ਸਰਵਣ ਕੀਤਾ। ਥਾਂ-ਥਾਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ, ਗੁਰੂ ਦੇ ਲੰਗਰ ਲਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਸੰਗਤਾਂ ਨੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਨਗਰ ਕੀਰਤਨ ਲਾਲੜੂ ਮੰਡੀ ਦੀਆਂ ਗਲੀਆਂ ਵਿੱਚੋਂ ਲੰਘਦਾ ਹੋਇਆ ਵੇਖਣਯੋਗ ਸੀ। ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਿਰੋਪਾਓ ਦੇ ਸਵਾਗਤ ਕੀਤਾ ਅਤੇ ਇਸ ਪਵਿੱਤਰ ਮੌਕੇ 'ਤੇ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਕਿਵੇਂ ਉਹ ਲੋਕਾਂ ਨੂੰ ਧਾਰਮਿਕ ਜੀਵਨ ਅਤੇ ਮਾਨਵਤਾ ਦੀ ਸੇਵਾ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਗਰ ਕੀਰਤਨ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਸ਼ਮੂਲੀਅਤ ਕਰਨ ਅਤੇ ਸਹਿਯੋਗ ਦੇਣ ਲਈ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਾਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਅਤੇ ਸਮਾਜ ਵਿੱਚ ਪਿਆਰ, ਦਇਆ ਅਤੇ ਸਦਭਾਵਨਾ ਫੈਲਾਉਣ ਦੀ ਅਪੀਲ ਵੀ ਕੀਤੀ। ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਸਰਦਾਰਪੁਰਾ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਨਾਲ ਹੋਈ, ਜਿੱਥੇ ਸੰਗਤਾਂ ਨੇ ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
Comments
Post a Comment