ਲਾਲੜੂ ਪੁਲਿਸ ਵਲੋ ਆਪਰੇਸ਼ਨ ਸੀਲ ਦੇ ਤਹਿਤ ਹਰਿਆਣਾ ਪੰਜਾਬ ਸਰਹੱਦ ਝਰਮੜ੍ਹੀ ਵਿਖੇ ਤਲਾਸ਼ੀ ਅਭਿਆਨ ਚਲਾਇਆ
/ ਮਹਿੰਦਰ ਸਿੰਘ ਲਾਲੜੂ/ ਭੂਪਿੰਦਰ ਸਿੰਘ ਜੰਡਲੀ
ਲਾਲੜੂ...ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਆਪਰੇਸ਼ਨ ਸੀਲ ਦੇ ਤਹਿਤ ਅੱਜ ਅੰਬਾਲਾ -ਚੰਡੀਗੜ੍ਹ ਮੁੱਖ ਮਾਰਗ ਤੇ ਹਰਿਆਣਾ ਦੀ ਸੀਮਾ ਤੇ ਪੈਂਦੇ ਪਿੰਡ ਝਰਮੜੀ ਵਿਖੇ ਪੁਲੀਸ ਨੇ ਨਾਕੇਬੰਦੀ ਕਰਕੇ ਦਰਜਨਾ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਤੇ ਇਹ ਨਾਕੇਬੰਦੀ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਏਐਸਪੀ ਡੇਰਾਬੱਸੀ ਜਯੰਤ ਪੁਰੀ ਨੇ ਖੁਦ ਅੰਬਾਲਾ - ਚੰਡੀਗੜ੍ਹ ਮੁੱਖ ਮਾਰਗ ਤੇ ਨਾਕੇਬੰਦੀ ਦੌਰਾਨ ਪੁਲੀਸ ਮੁਲਾਜ਼ਮਾ ਵੱਲੋਂ ਕੀਤੀ ਜਾ ਰਹੀ ਸ਼ੱਕੀ ਵਾਹਨਾਂ ਦੀ ਨਿਗਰਾਨੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਡੀਜੀਪੀ ਗੌਰਵ ਯਾਦਵ ਅਤੇ ਐਸਐਸਪੀ ਮੁਹਾਲੀ ਦੀਪਕ ਤੁਰਾ ਦੇ ਆਦੇਸ਼ਾਂ ਮੁਤਾਬਿਕ ਸਬ ਡਵੀਜ਼ਨ ਡੇਰਾਬੱਸੀ ਦੇ ਸਰਹੱਦੀ ਖੇਤਰ ਵਿੱਚ ਆਪਰੇਸ਼ਨ ਸੀਲ ਚਲਾਇਆ ਗਿਆ ਹੈ। ਜਿਸ ਦੌਰਾਨ ਹਰਿਆਣਾ ਅਤੇ ਹੋਰ ਰਾਜਾਂ ਤੋਂ ਆਉਣ ਵਾਲੇ ਸ਼ੱਕੀ ਵਾਹਨਾਂ ਦੀ ਵੱਡੇ ਪੱਧਰ ਤੇ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਮਾੜਾ ਅਨਸਰ ਰਾਜ ਦੀ ਸੀਮਾ ਵਿੱਚ ਦਾਖਲ ਨਾ ਹੋ ਸਕੇ , ਜਿਸ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕੋਈ ਖਤਰਾ ਹੋਵੇ। ਉਨ੍ਹਾਂ ਦੱਸਿਆ ਕਿ ਸ਼ਬ ਡਵੀਜਨ ਡੇਰਾਬੱਸੀ ਦੀ ਸੀਮਾ ਹਰਿਆਣਾ ਰਾਜ ਦੇ ਨਾਲ ਲੱਗਦੀ ਹੈ, ਜਿੱਥੇ ਅਗਲੇ ਮਹੀਨੇ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਕਾਰਨ ਵੀ ਸਮਾਜ ਵਿਰੋਧੀ ਅਨਸਰਾਂ ਦੀ ਗਤੀਵਿਧੀਆਂ ਤੇਜ ਹੋ ਸਕਦੀਆਂ ਹਨ , ਜਿਸ ਤੇ ਪੁਲੀਸ ਵੱਲੋਂ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਇਸ ਮੌਕੇ ਲਾਲੜੂ ਪੁਲੀਸ ਦੀ ਅਗਵਾਈ ਐਸਐਚਓ ਇੰਸਪੈਕਟਰ ਆਕਾਸ਼ ਸ਼ਰਮਾ ਕਰ ਰਹੇ ਸਨ। ਉਨ੍ਹਾਂ ਦੇ ਦਰਜਨਾਂ ਦੇ ਕਰੀਬ ਪੁਲੀਸ ਮੁਲਾਜ਼ਮ ਪੰਜਾਬ ਵਿੱਚ ਆਉਣ ਜਾਣ ਵਾਲੇ ਸਾਰੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲੈ ਰਹੇ ਸਨ।
Comments
Post a Comment