ਦੀਪਇੰਦਰ ਢਿੱਲੋਂ ਵੱਲੋਂ ਨਿਰਮਲ ਮੋਹੜਾ ਦੀ ਹਮਾਇਤ 'ਚ ਅੰਬਾਲਾ ਸ਼ਹਿਰ ਹਲਕੇ ਦਾ ਦੌਰਾ
ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਨੂੰ ਸਰਗਰਮ ਹੋਣ ਦਾ ਸੱਦਾ
ਲਾਲੜੂ : ਫੋਟੋ ਸਮੇਤ।
ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਅੱਜ ਅੰਬਾਲਾ ਸ਼ਹਿਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਉਤੇ ਵਿਧਾਨ ਸਭਾ ਦੀ ਚੋਣ ਲੜ ਰਹੇ ਨਿਰਮਲ ਸਿੰਘ ਮੋਹੜਾ ਦੀ ਹਮਾਇਤ ਵਿੱਚ ਸ਼ਹਿਰ ਦਾ ਦੌਰਾ ਕੀਤਾ ਗਿਆ। ਡੇਰਾਬੱਸੀ ਹਲਕੇ ਦੇ ਆਪਣੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਉਹ ਸਭ ਤੋਂ ਪਹਿਲਾਂ ਨਿਰਮਲ ਸਿੰਘ ਮੋਹੜਾ ਦੀ ਕੋਠੀ ਵਿੱਚ ਪੁੱਜੇ , ਜਿੱਥੇ ਉਨ੍ਹਾਂ ਸਾਰੇ ਕਾਂਗਰਸੀ ਵਰਕਰਾਂ ਦੀ ਨਿਰਮਲ ਸਿੰਘ ਮੋਹੜਾ ਨਾਲ ਮੁਲਾਕਾਤ ਕਰਵਾਈ। ਜ਼ਿਕਰਯੋਗ ਹੈ ਕਿ ਹਲਕਾ ਡੇਰਾਬੱਸੀ ਤੇ ਅੰਬਾਲਾ ਸ਼ਹਿਰ ਵਿਧਾਨ ਸਭਾ ਹਲਕਾ ਆਪਸ ਵਿੱਚ ਜੁੜੇ ਹੋਏ ਹਨ ਅਤੇ ਦੋਹਾਂ ਹਲਕਿਆਂ ਦੇ ਲੋਕਾਂ ਦਾ ਜਿੱਥੇ ਆਪਸ ਵਿੱਚ ਪੂਰਾ ਤਾਲਮੇਲ ਹੈ , ਉੱਥੇ ਇਕ ਦੂਜੇ ਦੀਆਂ ਇਨ੍ਹਾਂ ਹਲਕਿਆਂ ਵਿੱਚ ਰਿਸਤੇਦਾਰੀਆਂ ਵੀ ਹਨ। ਸ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਸਾਰੇ ਮੈਂਬਰ ਨਿਰਮਲ ਸਿੰਘ ਮੋਹੜਾ ਦੀ ਹਮਾਇਤ ਵਿੱਚ ਤਨਦੇਹੀ ਨਾਲ ਕੰਮ ਕਰਣਗੇ ਅਤੇ ਸ੍ਰੀ ਮੋਹੜਾ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਿੱਥੇ ਵੀ ਡਿਊਟੀ ਲਗਾਉਣਗੇ, ਉੱਥੇ ਉਹ ਹਾਜ਼ਰ ਰਹਿਣਗੇ। ਸ. ਢਿੱਲੋਂ ਨੇ ਕਿਹਾ ਕਿ ਇਸ ਸਮੇਂ ਸਮੁੱਚਾ ਦੇਸ਼ ਭਾਜਪਾ ਦੀ ਨੀਤੀਆਂ ਤੋਂ ਬਹੁਤ ਤੰਗ ਹੋ ਚੁੱਕਾ ਹੈ ਅਤੇ ਹਰਿਆਣਾ ਵਿੱਚ ਤਾਂ ਕਾਂਗਰਸ ਦਾ ਗ੍ਰਾਫ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਤੇ ਲੋਕ ਹਰਿਆਣਾ ਵਿੱਚ ਭਾਜਪਾ ਦਾ ਸਫਾਇਆ ਕਰਨ ਲਈ ਬੇਹੱਦ ਕਾਹਲੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਕਾਂਗਰਸੀ ਵਰਕਰ ਤੇ ਆਗੂ ਅੰਬਾਲਾ ਸ਼ਹਿਰ ਦੇ ਨਾਲ-ਨਾਲ ਹਰਿਆਣਾ ਵਿੱਚ ਕਾਂਗਰਸ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਉਣਗੇ।ਆਮ ਆਦਮੀ ਪਾਰਟੀ ਤੇ ਇਨੈਲੋ ਬਾਰੇ ਗੱਲ ਕਰਦਿਆਂ ਸ੍ਰ. ਢਿੱਲੋਂ ਨੇ ਕਿਹਾ ਕਿ ਇਹ ਪਾਰਟੀਆਂ ਹਰਿਆਣਾ ਦੀ ਸਿਆਸੀ ਲੜਾਈ ਵਿਚੋਂ ਬਾਹਰ ਹੋ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਆਪ ਸੁਪਰੀਮੋ ਜਿੱਥੇ ਸ਼ਰਾਬ ਨੀਤੀ ਸਬੰਧੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਹਨ ,ਉੱਥੇ ਹੀ ਦੁਸ਼ਿਅੰਤ ਚੌਟਾਲਾ ਕਾਰਨ ਹੀ ਪਿਛਲੇ ਪੰਜ ਸਾਲ ਭਾਜਪਾ ਦੀ ਸਰਕਾਰ ਰਹੀ ਹੈ,ਜਿਸ ਦੇ ਚੱਲਦਿਆਂ ਕਿਸਾਨੀ ਤੇ ਹੋਰ ਵਰਗ ਨਾਲ ਬੇਹੱਦ ਧੱਕਾ ਹੋਇਆ ਸੀ।
Comments
Post a Comment