ਧਰਮਗੜ੍ਹ ਦੇ ਪੰਚ ਵੱਲੋਂ ਟਿਊਬਵੈੱਲ ਲਈ ਮੋਟਰ ਦਾਨ
ਲਾਲੜੂ.....ਪਿੰਡ ਧਰਮਗੜ੍ਹ ਦੇ ਨਵੇਂ ਬਣੇ ਪੰਚ ਗੁਰਲਾਲ ਸਿੰਘ ਲਾਲਾ ਨੇ ਪਿੰਡ ਦੀ ਪੰਚਾਇਤ ਨੂੰ ਪੀਣ ਵਾਲੇ ਪਾਣੀ ਦੇ ਟਿਊਬਵੈਲ ਵਾਲੀ ਮੋਟਰ ਦਾਨ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚ ਗੁਰਲਾਲ ਸਿੰਘ ਲਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੇ ਦੋ ਟਿਊਬਵੈਲ ਹਨ, ਜਿਨ੍ਹਾਂ ਨਾਲ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸਿਰਫ ਦੋ ਮੋਟਰਾਂ ਸਨ ਤੇ ਜੇਕਰ ਇੱਕ ਖਰਾਬ ਹੋ ਜਾਂਦੀ ਸੀ ਤਾਂ ਪਿੰਡ ਵਿੱਚ ਪਾਣੀ ਦੀ ਸਪਲਾਈ ਕਈ ਦਿਨ ਪ੍ਰਭਾਵਿਤ ਰਹਿੰਦੀ ਸੀ, ਜਿਸ ਨੂੰ ਦੇਖਦਿਆਂ ਅੱਜ ਉਨ੍ਹਾਂ ਵੱਲੋਂ 35 ਹਾਰਸ ਪਾਵਰ ਦੀ ਨਵੀਂ ਮੋਟਰ ਪਿੰਡ ਦੀ ਪੰਚਾਇਤ ਨੂੰ ਸਪੁਰਦ ਕੀਤੀ ਹੈ, ਜਿਸ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਹੁਣ ਪੰਚਾਇਤ ਕੋਲ ਇੱਕ ਮੋਟਰ ਸਪੇਅਰ ਵਿੱਚ ਰਹੇਗੀ ਤਾਂ ਜੋ ਮੋਟਰ ਵਿੱਚ ਨੁਕਸ ਪੈਣ ਤੇ ਉਸੇ ਵੇਲੇ ਦੂਜੀ ਮੋਟਰ ਪਾ ਕੇ ਟਿਊਬਵੈਲ ਦੀ ਸਪਲਾਈ ਨੂੰ ਬਹਾਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਮਸਾਨਘਾਟ ਵਿੱਖੇ ਇੱਕ ਕਮਰੇ ਦੀ ਉਸਾਰੀ ਕੀਤੀ ਜਾਵੇਗੀ, ਜਿਸ ਵਿੱਚ ਬਾਲਣ ਰੱਖਣ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੀ ਫਿਰਨੀ ਉੱਤੇ ਰਾਤ ਦੇ ਹਨੇਰੇ ਨੂੰ ਦੂਰ ਕਰਨ ਲਈ ਲਾਈਟਾਂ ਲਗਾਈਆਂ ਜਾਣਗੀਆਂ , ਜਿਸ ਨਾਲ ਰਾਤ ਵੇਲੇ ਸੜਕ ਉੱਤੇ ਚਾਨਣ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਬਿਨ੍ਹਾਂ ਕਿਸੇ ਭੇਦ-ਭਾਵ ਤੋਂ ਪਿੰਡ ਦੇ ਵਿਕਾਸ ਕਾਰਜ ਕਰਵਾਵੇਗੀ। ਇਸ ਮੌਕੇ ਸਰਪੰਚ ਦੇ ਪਤੀ ਗੁਰਸੇਵਕ ਸਿੰਘ, ਪੰਚ ਮੇਵਾ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ, ਸਰਵਨ ਸਿੰਘ ਠੇਕੇਦਾਰ, ਰੁਲਦਾ ਸਿੰਘ, ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਆਦਿ ਵੀ ਹਾਜ਼ਰ ਸਨ।
Comments
Post a Comment